ਕੈਪਟਨ ਨੇ ਕਰਤਾ ਖੇਤੀ ਕਾਨੂੰਨਾਂ ਖਿਲਾਫ ਮਤਾ ਪਾਸ, ਉਪਰੋਂ ਬਲਬੀਰ ਰਾਜੇਵਾਲ ਨੇ ਵੀ ਕਰਤਾ ਕੈਪਟਨ ਦਾ ਧੰਨਵਾਦ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ‘ਚ ਰਾਜਪਾਲ ਦੇ ਭਾਸ਼ਨ ‘ਤੇ ਬਹਿਸ ਦਾ ਜਵਾਬ ਦਿੰਦਿਆਂ ਆਪਣੇ ਕਾਰਜ ਕਾਲ ਵਿਚ ਚਾਰ ਸਾਲ ਗ਼ੈਰ-ਕਾਨੰੂਨੀ ਖਨਨ ਜਾਰੀ ਰਹਿਣ ਤੋਂ ਬਾਅਦ ਅੱਜ ਐਲਾਨ ਕੀਤਾ ਕਿ ਉਹ ਰੇਤ ਬਜਰੀ ਦੇ ਇਸ ਗ਼ੈਰ-ਕਾਨੰੂਨੀ ਖਨਨ ਨੂੰ ਰੋਕਣ ਲਈ ਇਕ ਸੀਨੀਅਰ ਪੁਲਿਸ ਅਧਿਕਾਰੀ ਦੀ ਅਗਵਾਈ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਗਠਨ ਕਰਨਗੇ |

ਉਨ੍ਹਾਂ ਕਿਹਾ ਕਿ ਅਕਾਲੀ ਰਾਜ ‘ਚ ਇਸ ਖਨਨ ਵਿਚ ਜੋ ਕੇਵਲ 35 ਕਰੋੜ ਰੁਪਏ ਦਾ ਸਾਲਾਨਾ ਮਾਲੀਆ ਮਿਲਦਾ ਸੀ ਉਹ ਹੁਣ ਢਾਈ ਸੌ ਕਰੋੜ ਹੋ ਗਿਆ ਹੈ ਅਤੇ ਉਹ ਆਉਂਦੇ ਸਮੇਂ ਵਿਚ ਨਾਜਾਇਜ਼ ਖਨਨ ਨੂੰ ਰੋਕ ਕੇ ਇਸ ਵਿਚ ਹੋਰ ਵਾਧਾ ਕਰਨਗੇ | ਇਸ ਦੇ ਨਾਲ ਹੀ ਕੈਪਟਨ ਨੇ ਸਦਨ ‘ਚ ਕਿਹਾ ਕਿ ਵਿਵਾਦਤ ਤਿੰਨੇ ਖੇਤੀ ਕਾਨੂੰਨ ਕੇਂਦਰ ਬਿਨਾਂ ਸ਼ਰਤ ਵਾਪਸ ਲਵੇ |

ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ ‘ਚ ਸਰਬ ਸੰਮਤੀ ਨਾਲ ਇਕ ਮਤਾ ਵੀ ਪਾਸ ਕੀਤਾ ਗਿਆ | ਇਸ ਦੇ ਨਾਲ ਹੀ ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਵਾਪਸ ਲੈਣ ਦੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ | ਮੁੱਖ ਮੰਤਰੀ ਨੇ ਸਦਨ ਵਿਚ ਇਹ ਵੀ ਐਲਾਨ ਕੀਤਾ ਕਿ ਮੈਂਬਰਾਂ ਵਲੋਂ ਮਹਿੰਗੀ ਬਿਜਲੀ ਦਾ ਜੋ ਮੁੱਦਾ ਵਾਰ-ਵਾਰ ਉਠਾਇਆ ਜਾ ਰਿਹਾ ਹੈ, ਉਹ ਰਾਜ ਦੇ ਲੋਕਾਂ ਨੂੰ ਇਹ ਦੱਸਣ ਲਈ ਕਿ ਇਸ ਮਹਿੰਗੀ ਬਿਜਲੀ ਲਈ ਅਸਲ ਵਿਚ ਕੌਣ ਜ਼ਿੰਮੇਵਾਰ ਹੈ, ਰਾਜ ਸਰਕਾਰ ਬਿਜਲੀ ‘ਤੇ ਇਕ ਵਾਈਟ ਪੇਪਰ ਵੀ ਜਾਰੀ ਕਰੇਗੀ |

ਪੰਜਾਬ ਵਿਧਾਨ ਸਭਾ ‘ਚ ਰਾਜਪਾਲ ਦੇ ਭਾਸ਼ਨ ‘ਤੇ ਹੋਈ 2 ਦਿਨਾ ਬਹਿਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਦਿੱਤੇ ਗਏ ਜਵਾਬ ਦੌਰਾਨ ਵਿਰੋਧੀ ਧਿਰ ਨੇ ਭਾਰੀ ਹੰਗਾਮਾ ਕੀਤਾ | ਵਿਰੋਧੀ ਮੈਂਬਰਾਂ ਦਾ ਦੋਸ਼ ਸੀ ਕਿ ਮੁੱਖ ਮੰਤਰੀ ਝੂਠੇ ਦੋਸ਼ ਲਾ ਰਹੇ ਹਨ ਤੇ ਅਸਲ ਜਨਤਕ ਮੁੱਦਿਆਂ ‘ਤੇ ਕੋਈ ਜਵਾਬ ਨਹੀਂ ਦੇ ਰਹੇ | ਮੁੱਖ ਮੰਤਰੀ ਨੇ ਅੱਜ ਸਦਨ ‘ਚ ਜਿਵੇਂ ਹੀ ਰਾਜਪਾਲ ਦੇ ਭਾਸ਼ਣ ‘ਤੇ ਹੋਈ ਬਹਿਸ ਸਬੰਧੀ ਜਵਾਬ ਦੇਣਾ ਸ਼ੁਰੂ ਕੀਤਾ ਤਾ ਅਕਾਲੀ ਦਲ ਤੇ ‘ਆਪ’ ਦੇ ਮੈਂਬਰ ਨਾਅਰੇ ਮਾਰਦੇ ਸਪੀਕਰ ਦੀ ਕੁਰਸੀ ਸਾਹਮਣੇ ਆ ਗਏ |

Posted in News