ਅਰਬਾਂ ਰੁਪਏ ਦੇ ਘੁਟਾਲੇ ‘ਚ ਪਰਲ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਲੜਕੀ ਗਿ੍ਫ਼ਤਾਰ

ਫ਼ਿਰੋਜ਼ਪੁਰ,8 ਜੁਲਾਈ – ਦੇਸ਼ ਦੇ ਲੋਕਾਂ ਨੂੰ ਵੰਨ-ਸਵੰਨੀਆਂ ਸਕੀਮਾਂ ਰਾਹੀਂ ਰੁਪਏ ਦੁੱਗਣੇ ਕਰਨ ਦੇ ਲਾਲਚ ਵਿਚ ਲੱਖਾਂ ਵਿਅਕਤੀਆਂ ਕੋਲੋਂ ਅਰਬਾਂ ਦਾ ਘੁਟਾਲਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪਰਲਜ਼ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਲੜਕੀ ਬਰਿੰਦਰ ਕੌਰ ਨੂੰ ਗਿ੍ਫ਼ਤਾਰ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਤੇ ਚਾਰ ਦਿਨ ਦਾ ਰਿਮਾਂਡ ਮੰਗਿਆ, ਪਰ ਵਕੀਲ ਮਨੋਜ ਬਜਾਜ ਅਤੇ ਮੇਹਰ ਸਿੰਘ ਮੱਲ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਸਿਰਫ਼ ਇਕ ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ |

ਥਾਣਾ ਜ਼ੀਰਾ ਪੁਲਿਸ ਵਲੋਂ 16 ਜੁਲਾਈ 2020 ਨੂੰ ਦਰਜ ਮਾਮਲੇ ‘ਚ ਮੁਦਈ ਪ੍ਰਦੀਪ ਸਿੰਘ ਪੱੁਤਰ ਮੁਕੰਦ ਸਿੰਘ ਵਾਸੀ ਨੇੜੇ ਦੁਰਗਾ ਮਾਤਾ ਮੰਦਿਰ ਭਾਦਸੋਂ ਪਟਿਆਲਾ ਨੇ ਦੱਸਿਆ ਕਿ ਪੀ.ਏ.ਸੀ.ਐਲ. ਪ੍ਰਾਈਵੇਟ ਕੰਪਨੀ ਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਨੇ ਲੋਕਾਂ ਕੋਲੋਂ ਅਰਬਾਂ ਰੁਪਏ ਕੰਪਨੀਆਂ ਵਿਚ ਨਿਵੇਸ਼ ਕਰਵਾ ਕੇ ਜਾਇਦਾਦਾਂ ਗ਼ਲਤ ਢੰਗ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਂਅ ਖ਼ਰੀਦੀਆਂ,

ਜਿਸ ਦੌਰਾਨ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸੀ.ਬੀ.ਆਈ. ਨੇ ਮੁਕੱਦਮਾ ਦਰਜ ਕਰਕੇ ਖ਼ਰੀਦੀਆਂ ਜਾਇਦਾਦਾਂ ਵਿਚ ਤਬਦੀਲੀ ‘ਤੇ ਰੋਕ ਲਗਾ ਦਿੱਤੀ ਸੀ, ਜਦਕਿ ਦੋਸ਼ੀਆਂ ਪੰਜਾਬ ਦੇ ਕਈ ਸ਼ਹਿਰਾਂ ਵਿਚ ਸਥਿਤ ਜਾਇਦਾਦਾਂ ਨੂੰ ਅੱਗੇ ਵੇਚ ਕੇ ਧੋਖਾਧੜੀ ਕੀਤੀ ਹੈ | ਇਸ ਮਾਮਲੇ ‘ਚ ਨਾਮਜ਼ਦ ਬਰਿੰਦਰ ਕੌਰ ਨੂੰ ਦਿੱਲੀ ਹਵਾਈ ਅੱਡੇ ਤੋਂ ਗਿ੍ਫ਼ਤਾਰ ਕਰਨ ਦਾ ਪੁਲਿਸ ਵਲੋਂ ਦਾਅਵਾ ਕੀਤਾ ਗਿਆ ਹੈ |

Posted in News