ਯੂਰੀਆ ਖਾਦ ਦੀ ਘਾਟ; ਕਿਸਾਨਾਂ ਵੱਲੋਂ ਹਾਈਵੇਅ ਜਾਮ

ਯੂਰੀਆ ਖਾਦ ਦੀ ਘਾਟ ਨੂੰ ਲੈ ਇੱਥੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਵਿੱਚ ਖਾਦ ਨਾ ਮਿਲਣ ਤੋਂ ਭੜਕੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਬਠਿੰਡਾ-ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਅਤੇ ਐੱਨ.ਐੱਫ.ਐੱਲ. ਖਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਇਕੱਠੇ ਹੋਏ ਕਿਸਾਨਾਂ ਨੇ ਦੋਸ਼ ਲਗਾਇਆ ਕਿ ਕਣਕ ਦੀ ਬਿਜਾਈ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ ਪਰ ਜ਼ਿਲ੍ਹੇ ਅੰਦਰ ਖਾਦ ਦਾ ਕਾਰਖ਼ਾਨੇ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ। ਅੱਜ ਕਿਸਾਨ ਸਵੇਰ ਤੋਂ ਟਰਾਲੀਆਂ ਲੈ ਕੇ ਖਾਦ ਲੈਣ ਆਏ ਸਨ ਪਰ ਐੱਨ.ਐੱਫ.ਐੱਲ ਦੇ ਅਧਿਕਾਰੀਆਂ ਨੇ ਸ਼ਨਿੱਚਰਵਾਰ ਐਤਵਾਰ ਛੁੱਟੀ ਹੋਣ ਦਾ ਬਹਾਨਾ ਬਣਾ ਕੇ ਖਾਦ ਵੰਡਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆਂ ਦਾ ਕਹਿਣਾ ਹੈ ਕਿ ਖਾਦ ਕਾਰਖ਼ਾਨੇ ਦੇ ਕੈਮੀਕਲ ਪ੍ਰਦੂਸ਼ਣ ਦੀ ਮਾਰ ਪਿੰਡਾਂ ਦੇ ਲੋਕ ਝੱਲ ਰਹੇ ਹਨ। ਹੁਣ ਜਦੋਂ ਕਿਸਾਨਾਂ ਨੂੰ ਕਣਕ ਦੀ ਫ਼ਸਲ ਲਈ ਯੂਰੀਆ ਖਾਦ ਦੀ ਲੋੜ ਹੈ ਤਾਂ ਕਾਰਖ਼ਾਨੇ ਅੱਗੇ ਉਨ੍ਹਾਂ ਨੂੰ ਲੇਲ੍ਹੜੀਆਂ ਕੱਢਣ ਲਈ ਮਜਬੂਰ ਹੋਣਾ ਪੈ ਰਿਹਾ ਹੈ ।

ਭਾਰਤੀ ਕਿਸਾਨ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕੈਪਟਨ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੇਂਦਰ ਸਰਕਾਰ ਦੀ ਪੈੜ ਵਿੱਚ ਪੈੜ ਰੱਖ ਰਹੇ ਹਨ। ਉਨ੍ਹਾਂ ਦੋਸ਼ ਲਗਾਏ ਕਿ ਪੰਜਾਬ ਅੰਦਰ ਦੋ ਖਾਦ ਕਾਰਖ਼ਾਨੇ ਹੋਣ ਦੇ ਬਾਵਜੂਦ ਕਿਸਾਨ ਮਹਿੰਗੇ ਭਾਅ ਤੇ ਗੁਆਂਢੀ ਸੂਬੇ ਹਰਿਆਣਾ ਤੋਂ ਖਾਦ ਲਿਆਉਣ ਲਈ ਮਜਬੂਰ ਹਨ ਅਤੇ ਸਹਿਕਾਰੀ ਸਭਾਵਾਂ ਵਿਚ ਵਿੱਚ ਖਾਦ ਦੀ ਘਾਟ ਕਾਰਨ ਵੱਡਾ ਸੰਕਟ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਲਈ ਖਾਦ ਦਾ ਪ੍ਰਬੰਧ ਕੀਤਾ ਜਾਵੇ।