‘ਆਪ’ ਨੇ ਐੱਚਆਈਵੀ ਪਾਜ਼ੇਟਿਵ ਖੂਨ ਚੜ੍ਹਾਉਣ ਦਾ ਮੁੱਦਾ ਚੁੱਕਿਆ

ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵੱਲੋਂ ਚਾਰ ਮਰੀਜ਼ਾਂ ਨੂੰ ਐੱਚਆਈਵੀ ਪਾਜ਼ੇਟਿਵ ਖੂਨ ਚੜ੍ਹਾਏ ਜਾਣ ਦੇ ਮਾਮਲੇ ’ਚ ਅੱਜ ਆਮ ਆਦਮੀ ਪਾਰਟੀ (ਆਪ) ਦੇ ਬਠਿੰਡਾ ਜ਼ਿਲ੍ਹੇ ਦੇ ਸ਼ਹਿਰੀ ਪ੍ਰਧਾਨ ਐਡਵੋਕੇਟ ਨਵਦੀਪ ਜੀਦਾ, ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਾਕੇਸ਼ ਪੁਰੀ ਸਮੇਤ ਪਾਰਟੀ ਦੀ ਮੁਕਾਮੀ ਲੀਡਰਸ਼ਿਪ ਨੇ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਨੂੰ ਮਿਲ ਕੇ ਦੋਸ਼ੀ ਸਿਹਤ ਅਮਲੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਸ੍ਰੀ ਜੀਦਾ ਨੇ ਕਿਹਾ ਕਿ ਇਹ ‘ਅਣਗਹਿਲੀ’ ਨਹੀਂ ਬਲਕਿ ‘ਅਪਰਾਧ’ ਦਾ ਮਾਮਲਾ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਇਸ ਕਾਰਵਾਈ ਨਾਲ ਪਤਾ ਨਹੀਂ ਕਿੰਨੇ ਕੁ ਮਰੀਜ਼ਾਂ ਦਾ ਨੁਕਸਾਨ ਹੋਇਆ ਹੋਵੇਗਾ ਅਤੇ ਇਸ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ, ਦੇਸ਼ ਦਾ ਸ਼ਾਇਦ ਪਹਿਲਾ ਮਾਮਲਾ ਹੀ ਹੋਵੇ। ਉਨ੍ਹਾਂ ਤੱਥਾਂ ਦੇ ਹਵਾਲੇ ਨਾਲ ਕਿਹਾ ਕਿ ਸਟਾਫ਼ ਦੀ ਕਮੀ ਕਾਰਨ ਗ਼ੈਰ-ਤਜਰਬਾਕਾਰ ਕਰਮਚਾਰੀਆਂ ਦੀ ਡਿਊਟੀ ਲਾਉਣਾ ਇਨ੍ਹਾਂ ਮਾਮਲਿਆਂ ਦੀ ਬੁਨਿਆਦੀ ਵਜ੍ਹਾ ਹੈ। ਉਨ੍ਹਾਂ ਕਿਹਾ ਕਿ ਬਲੱਡ ਬੈਂਕ ਵਿਚਲੀ ਐੱਚਆਈਵੀ ਟੈਸਟਿੰਗ ਮਸ਼ੀਨ ਕਈ ਮਹੀਨਿਆਂ ਤੋਂ ਖ਼ਰਾਬ ਦੱਸੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ’ਚੋਂ ਆਪਣੀ ਖੱਲ ਬਚਾਉਣ ਲਈ ਊੱਚ ਅਧਿਕਾਰੀਆਂ ਵੱਲੋਂ ਛੋਟੇ ਮੁਲਾਜ਼ਮਾਂ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਜਾਂਚ ਦਾ ਵਿਸ਼ਾ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।

ਉਨ੍ਹਾਂ ਐੱਚਆਈਵੀ ਪਾਜ਼ੇਟਿਵ ਖੂਨ ਲੱਗਣ ਵਾਲੇ ਮਰੀਜ਼ਾਂ ਲਈ ਸਰਕਾਰ ਤੋਂ ਦਸ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ, ਇਲਾਜ ਖਰਚ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਸੀਨੀਅਰ ਆਪ ਆਗੂ ਅਨਿਲ ਠਾਕੁਰ, ਅੰਮ੍ਰਿਤ ਲਾਲ ਅਗਰਵਾਲ, ਅਮਰਦੀਪ ਸਿੰਘ ਰਾਜਨ, ਜਤਿੰਦਰ ਸਿੰਘ ਭੱਲਾ, ਪ੍ਰਦੀਪ ਕਾਲੀਆ, ਪ੍ਰਦੀਪ ਮਿੱਤਲ, ਬਲਜੀਤ ਬੱਲੀ, ਮਹਿੰਦਰ ਸਿੰਘ ਫੁੱਲੋਮਿੱਠੀ, ਐਮ ਐਲ ਜਿੰਦਲ, ਗੁਬਿੰਦਰ ਸਿੰਘ, ਮਨਜੀਤ ਸਿੰਘ ਮੌੜ, ਬਲਦੇਵ ਸਿੰਘ, ਗੁਰਮੀਤ ਸਿੰਘ ਰਾਮਗੜ੍ਹੀਆ, ਰਘਵੀਰ ਸਿੰਘ, ਗੁਲਾਬ ਚੰਦ ਤੇ ਚਰਨਜੀਤ ਸਿੰਘ ਦਿਓਣ ਆਦਿ ਮੌਜੂਦ ਸਨ।