ਮੁਸਾਫ਼ਰ ਗੱਡੀਆਂ ਚਲਾਉਣ ਸਬੰਧੀ ਸਹਿਮਤੀ ਦਾ ਫੈਸਲਾ ਮੁੱਖ ਮੰਤਰੀ ਨਾਲ ਮਿਲਣੀ‌ ਮਗਰੋਂ: ਕਿਸਾਨ ਜਥੇਬੰਦੀਆਂ

ਪੰਜਾਬ ਦੀਆਂ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਭਵਨ ਵਿੱਚ ਕੀਤੀ ਜਾ ਰਹੀ ਮੀਟਿੰਗ ਤੋਂ ਮਗਰੋਂ ਸੂਬੇ ਵਿਚ ਮਾਲ ਗੱਡੀਆਂ ਦੇ ਨਾਲ ਹੀ ਮੁਸਾਫ਼ਰ ਰੇਲਾਂ ਚਲਾਉਣ ਲਈ ਕੋਈ ਆਪਸੀ ਨਿਰਣਾ ਲਿਆ ਜਾਵੇਗਾ।

ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਚੰਡੀਗੜ੍ਹ ਵਿੱਚ ਕਿਸਾਨ ਭਵਨ ਵਿਚ ਹੋਈ, ਜਿਸ ਵਿਚ ਮੁੱਖ ਮੰਤਰੀ ਕੋਲ ਉਠਾਏ ਜਾਣ ਵਾਲੇ ਮਸਲਿਆਂ ਨੂੰ ਵਿਚਾਰਿਆ ਗਿਆ। ਇਨ੍ਹਾਂ ਮਸਲਿਆਂ ਵਿੱਚ ਯੂਰੀਆ‌ ਖਾਦ, ਗੰਨੇ ਦੀ ਅਦਾਇਗੀ, ਲੰਬੇ ਸਮੇਂ ਤੋਂ ਖੜ੍ਹੇ ਸਹਿਕਾਰੀ ਕਰਜ਼ਿਆਂ ਦੀ ਮਾਫ਼ੀ, ਨੁਕਸਾਨੇ ਨਰਮੇ ਦਾ ਮੁਆਵਜ਼ਾ, ਝੋਨੇ ਦੇ ਮਸਲੇ ਆਦਿ ਸ਼ਾਮਲ ਹਨ।

ਕਿਸਾਨ ਜਥੇਬੰਦੀਆਂ ਨੇ ਇਹ ਨਿਰਣਾ ਵੀ ਲਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਮੰਤਰੀ ਮੰਡਲ ਅਤੇ ਅਫ਼ਸਰਸ਼ਾਹੀ ਨਾਲ ਮੀਟਿੰਗ ਕਰਨ ਊਪਰੰਤ ਉਥੇ ਹੀ ਮੁੱਖ ਮੰਤਰੀ ਵਲੋਂ ਰੱਖੇ ਪ੍ਰਸਤਾਵ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵੱਖਰੀ ਮੀਟਿੰਗ ਕਰਕੇ ਕੋਈ ਫੈਸਲਾ ਲਿਆ ਜਾਵੇਗਾ।

Posted in News