ਪੰਜਾਬੀ ’ਵਰਸਿਟੀ ਦੇ ਉਪ ਕੁਲਪਤੀ ਡਾ. ਘੁੰਮਣ ਦਾ ਅਸਤੀਫ਼ਾ ਪ੍ਰਵਾਨ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਬੀ.ਐੱਸ. ਘੁੰਮਣ ਦਾ ਅਸਤੀਫ਼ਾ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲਾਂ ਡਾ. ਘੁੰਮਣ ਨੇ ਅਚਨਚੇਤ ਹੀ ਨਿੱਜੀ ਕਾਰਨਾਂ ਅਤੇ ਸਿਹਤ ਦਾ ਹਵਾਲਾ ਦੇ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ਾ ਉਨ੍ਹਾਂ ਯੂਨੀਵਰਸਿਟੀ ਦੇ ਕੁਲਪਤੀ ਤੇ ਰਾਜਪਾਲ ਪੰਜਾਬ ਨੂੰ ਸੌਂਪ ਦਿੱਤਾ ਸੀ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਉਪ ਕੁਲਪਤੀ ਦਾ ਅਸਤੀਫ਼ਾ ਸਵੀਕਾਰ ਕਰਨ ਦੀ ਕੀਤੀ ਸਿਫਾਰਿਸ਼ ਦੀ ਪੁਸ਼ਟੀ ਕੀਤੀ ਹੈ।

ਉਂਜ ਹਾਲੇ ਯੂਨੀਵਰਸਿਟੀ ਦੀ ਵਾਗਡੋਰ ਕਿਸੇ ਹੋਰ ਹੱਥ ਨਹੀਂ ਸੌਂਪੀ ਗਈ, ਕਿਉਂਕਿ ਸਰਕਾਰ ਵੱਲੋਂ ਹੁਣ ਮਾਮਲੇ ਦੀ ਫਾਈਲ ਮੁੜ ਰਾਜਪਾਲ ਪੰਜਾਬ ਨੂੰ ਅਗਲੇਰੀ ਕਾਰਵਾਈ ਲਈ ਭੇਜੀ ਗਈ ਹੈ। ਉੱਧਰ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ‘ਪੂਟਾ’ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਸ਼ੁੱਕਰਵਾਰ ਲਿਖੇ ਪੱਤਰ ’ਚ ਮੰਗ ਕੀਤੀ ਗਈ ਹੈ ਕਿ ਯੂਨੀਵਰਸਿਟੀ ਵੱਲੋਂ ਵਾਧੂ ਚਾਰਜ ਕਿਸੇ ਨੌਕਰਸ਼ਾਹ ਦੀ ਥਾਂ ਅਕਾਦਮਿਕ ਸ਼ਖ਼ਸੀਅਤ ਨੂੰ ਹੀ ਦਿੱਤਾ ਜਾਵੇ। ਇਸ ਮਾਮਲੇ ’ਤੇ ਕੈਪਟਨ ਸਰਕਾਰ ਦੀ ਇਸ ਗੱਲੋਂ ਵੀ ਕਾਫ਼ੀ ਕਿਰਕਿਰੀ ਹੋ ਰਹੀ ਹੈ ਕਿ ਡਾ. ਘੁੰਮਣ ਨੂੰ ‘ਯੂਨੀਵਰਸਿਟੀ ਦੀ ਆਰਥਿਕ ਤੰਗੀ ਕਾਰਨ ਅਹੁਦੇ ਤੋਂ ਲਾਂਭੇ ਹੋਣਾ ਪਿਆ ਹੈ।’