ਜਗਰਾਜ ਸਿੰਘ ਗਰੇਵਾਲ ਨੂੰ ਨਿਕਲੀ ਇਕ ਲੱਖ ਡਾਲਰ ਦੀ ਲਾਟਰੀ

ਸਰੀ, 21 ਨਵੰਬਰ 2020: ਲਾਗਲੇ ਸ਼ਹਿਰ ਐਬਟਸਫੋਰਡ ਦੇ ਵਾਸੀ ਇਕ ਪੰਜਾਬੀ ਟਰੱਕ ਡਰਾਈਵਰ ਜਗਰਾਜ ਸਿੰਘ ਗਰੇਵਾਲ ਦੇ ਉਸ ਸਮੇਂ ਵਾਰੇ-ਨਿਆਰੇ ਹੋ ਗਏ ਜਦੋਂ ਉਹ ਇਕ ਲੱਖ ਡਾਲਰ ਦੀ ਲਾਟਰੀ ਦਾ ਜੇਤੂ ਬਣਿਆਂ।

ਲੰਮੇਂ ਰੂਟ ਤੇ ਟਰੱਕ ਚਲਾਉਣ ਵਾਲਾ ਜਗਰਾਜ ਸਿੰਘ ਬੀਤੇ ਦਿਨੀਂ ਜਦ ਐਬਟਸਫੋਰਡ ਵਾਪਸ ਪਰਤਿਆ ਤਾਂ ਉਸ ਨੇ ਸਾਊਥ ਫ਼ਰੇਜ਼ਰ ਵੇਅ ‘ਤੇ ਸਥਿਤ ਐਸ਼ੋ ਪੈਟਰੋਲ ਪੰਪ ਤੋਂ ਲਾਟਰੀ ਦੀ ਟਿਕਟ ਖਰੀਦ ਲਈ। ਜਦ ਟਿਕਟ ਸਕਰੈਚ ਕੀਤੀ ਤਾਂ ਉਹ ਇਕ ਲੱਖ ਡਾਲਰ ਦਾ ਮਾਲਕ ਬਣ ਗਿਆ।ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਗਰਾਜ ਸਿੰਘ ਨੇ ਕਿਹਾ ਕਿ ਉਹ ਹੁਣ ਲੰਮੇ ਰੂਟ ‘ਤੇ ਜਾਣ ਦੀ ਬਜਾਏ ਲੋਕਲ ਟਰੱਕ ਚਲਾਵੇਗਾ।

ਸਰੀ, 21 ਨਵੰਬਰ 2020: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਭਾਈ ਰਣਜੀਤ ਸਿੰਘ ਵੱਲੋਂ ਪ੍ਰਧਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਸਰੀ ਡੈਲਟਾ ਦੇ ਨਾਮ ਲਿਖੇ ਇਕ ਪੱਤਰ ਵਿਚ ਸਤਿਨਾਮ ਟਰੱਸਟ ਦੇ ਭਾਈ ਰਿਪੁਦਮਨ ਸਿੰਘ ਮਲਿਕ ਅਤੇ ਭਾਈ ਬਲਵੰਤ ਸਿੰਘ ਪੰਧੇਰ ਦੀ ਬੇਨਤੀ ਉਪਰ ਪਿਛਲੇ ਦਿਨੀਂ ਗੁਰੂ ਗਰੰਥ ਸਾਹਿਬ ਦੀ ਗੈਰ ਪ੍ਰਵਾਨਿਤ ਛਪਾਈ ਹਿਤ ਵਰਤੀ ਗਈ ਪ੍ਰਿਟਿੰਗ ਪ੍ਰੈਸ ਵਾਪਿਸ ਕੀਤੇ ਜਾਣ ਲਈ ਕਿਹਾ ਹੈ।

ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਉਪਰ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਪਿਛਲੇ ਸਮੇਂ ਦੌਰਾਨ ਸਤਿਨਾਮ ਟਰੱਸਟ ਵੱਲੋਂ ਸ੍ਰੋਮਣੀ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਛਾਪੇ ਗਏ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਅਤੇ ਪ੍ਰਿਟਿੰਗ ਮਸ਼ੀਨਰੀ, ਸਿੰਘ ਸਾਹਿਬ ਦੇ ਆਦੇਸ਼ ਉਪਰ ਗੁਰਦੁਆਰਾ ਸਰੀ ਡੈਲਟਾ ਵਿਖੇ ਪਹੁੰਚਾਏ ਗਏ ਸਨ। ਪੱਤਰ ਵਿਚ ਲਿਖਿਆ ਹੈ ਕਿ ਹੁਣ ਸਬੰਧਿਤ ਵਿਅਕਤੀਆਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਨੂੰ ਖਾਲਸਾ ਸਕੂਲ ਲਈ ਗੁਰਮੁਖੀ ਦੀਆਂ ਪੁਸਤਕਾਂ ਛਾਪਣ ਲਈ ਪ੍ਰਿਟਿੰਗ ਪ੍ਰੈਸ ਦੀ ਲੋੜ ਹੈ। ਇਸ ਲਈ ਇਹ ਪ੍ਰਿਟਿੰਗ ਪ੍ਰੈਸ ਤੇ ਹੋਰ ਮਸ਼ੀਨਰੀ ਨੂੰ ਖਾਲਸਾ ਸਕੂਲ ਨੂੰ ਵਾਪਿਸ ਕੀਤੀ ਜਾਵੇ।

ਇਸ ਬੇਨਤੀ ਉਪਰ ਸਿੰਘ ਸਾਹਿਬ ਨੇ ਆਦੇਸ਼ ਕੀਤਾ ਹੈ ਕਿ ਇਹ ਪ੍ਰਿਟਿੰਗ ਮਸ਼ੀਨਰੀ ਵਾਪਿਸ ਕਰਕੇ ਵਸੂਲੀ ਰਸੀਦ ਪ੍ਰਾਪਤ ਕਰਕੇ ਭੇਜੀ ਜਾਵੇ।