ਕੈਨੇਡਾ: ਅਸੀਂ ਸੱਚਮੁੱਚ ਬੇਹੱਦ ਗੰਭੀਰ ਦੌਰ ਵਿੱਚੋਂ ਗੁਜ਼ਰ ਰਹੇ ਹਾਂ: ਜਸਟਿਨ ਟਰੂਡੋ

ਸਰੀ, 21 ਨਵੰਬਰ 2020: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਦੀ ਤਾਜ਼ਾ ਸਥਿਤੀ ਉਪਰ ਬੋਲਦਿਆਂ ਕਿਹਾ ਕਿ ਅਸੀਂ ਸੱਚਮੁੱਚ ਬੇਹੱਦ ਗੰਭੀਰ ਦੌਰ ਵਿੱਚੋਂ ਗੁਜ਼ਰ ਰਹੇ ਹਾਂ, ਹੁਣ ਬੇਹੱਦ ਸਾਵਧਾਨੀ ਵਰਤਣ ਦੀ ਲੋੜ ਹੈ ਅਤੇ ਸਾਡੇ ਸਾਰਿਆਂ ਵੱਲੋਂ ਅੱਜ ਚੁੱਕੇ ਗਏ ਕਦਮ ਹੀ ਕੈਨੇਡਾ ਦਾ ਭਵਿੱਖ ਤੈਅ ਕਰ ਸਕਦੇ ਹਨ।

ਉਨ੍ਹਾਂ ਸਾਰੇ ਕੈਨੇਡੀਅਨਾਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਆਪਸੀ ਮੇਲਜੋਲ ਘਟਾਇਆ ਜਾਵੇ ਅਤੇ ਵੱਧ ਤੋਂ ਵੱਧ ਸਮਾਂ ਘਰਾਂ ਵਿਚ ਬਿਤਾਇਆ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਅਧਕਾਰੀਆਂ ਵੱਲੋਂ ਦਿੱਤੀ ਜਾ ਰਹੀ ਚਿਤਾਵਨੀ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਅਸੀਂ ਸੋਸ਼ਲ ਸਰਕਲ ਨੂੰ ਨਾ ਘਟਾਇਆ ਤਾਂ ਕੈਨੇਡਾ ਵਿਚ ਦਸੰਬਰ ਦੇ ਅੰਤ ਤੱਕ ਕੋਵਿਡ-19 ਦੇ ਕੇਸਾਂ ਦੀ ਗਿਣਤੀ ਰੋਜ਼ਾਨਾ 20,000 ਤੋਂ 60,000 ਤੱਕ ਪਹੁੰਚ ਸਕਦੀ ਹੈ।

ਜਸਟਿਨ ਟਰੂਡੋ ਨੇ ਲੋਕਾਂ ਕੋਵਿਡ-19 ਐਲਰਟ ਐਪ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿਹੜੇ ਸੂਬਿਆਂ ਵਿਚ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਹੈ, ਉਥੇ ਵੀ ਲੋਕ ਇਸ ਨੂੰ ਵਰਤ ਸਕਦੇ ਹਨ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਬੀ.ਸੀ. ਅਤੇ ਐਲਬਰਟਾ ਦੇ ਸੂਬਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹਨਾਂ ਦੋਵਾਂ ਸੂਬਿਆਂ ਦੇ ਲੋਕ ਵੀ ਇਸ ਐਪ ਦੀ ਵਰਤੋਂ ਕਰ ਸਕਦੇ ਹਨ। ਇਸ ਐਪ ਦੀਵਰਤੋਂ ਨਾਲ ਕਿਸੇ ਦੇ ਵੀ ਸੰਕ੍ਰਮਿਤ ਹੋਣ ‘ਤੇ ਬਾਕੀਆਂ ਕੋਲ ਇਸ ਦੀ ਜਾਣਕਾਰੀ ਪਹੁੰਚ ਸਕੇਗੀ ਅਤੇ ਉਹ ਹੋਰਾਂ ਦਾ ਬਚਾਅ ਕਰ ਸਕਣਗੇ।

ਉਨ੍ਹਾਂ ਕਿਹਾ ਕਿ ਇਸ ਵਾਰ ਕ੍ਰਿਸਮਸ ਪਹਿਲਾਂ ਵਾਂਗ ਮਨਾਉਣ ਦੇ ਆਸਾਰ ਬਹੁਤ ਘੱਟ ਹਨ।

ਜਸਟਿਨ ਟਰੂਡੋ ਨੇ ਕੈਨੇਡਾ ਅਤੇ ਅਮਰੀਕਾ ਵਿਚਾਲੇ ਗੈਰਜ਼ਰੂਰੀ ਯਾਤਰਾ ਉਪਰ ਲੱਗੀ ਪਾਬੰਦੀ 21 ਦਸੰਬਰ ਤੱਕ ਜਾਰੀ ਰਹਿਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਤਾਲਮੇਲ ਵੀ ਜਾਰੀ ਰਹੇਗਾ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਬਾਰਡਰ ਦੇ ਦੋਨੋਂ ਪਾਸੇ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇ ਜਾਣ।