ਅਮਰਿੰਦਰ ਵੱਲੋਂ ਕੋਵਿਡ ਕੇਸਾਂ ਦੇ ਭਾਰੀ ਵਾਧੇ ਨਾਲ ਨਜਿੱਠਣ ਲਈ ਦਿੱਲੀ ਨੂੰ ਸਹਾਇਤਾ ਦੀ ਪੇਸ਼ਕਸ਼

ਚੰਡੀਗੜ੍ਹ, 21 ਨਵੰਬਰ, 2020 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦਿੱਲੀ ਨੂੰ ਵੱਡੇ ਪੈਮਾਨੇ ’ਤੇ ਵੱਧ ਰਹੇ ਕੋਵਿਡ ਕੇਸਾਂ ਨਾਲ ਨਜਿੱਠਣ ਵਿੱਚ ਹਰ ਸੰਭਵ ਸਹਾਇਤਾ ਕਰਨ ਦੀ ਪੇਸ਼ਕਸ਼ ਕੀਤੀ ਗਈ ਅਤੇ ਮੁੱਖ ਮੰਤਰੀ ਨੇ ਸੂਬੇ ਅੰਦਰ ਮਹਾਂਮਾਰੀ ਦੀ ਰੋਕਥਾਮ ਵਿਚ ਮਿਸਾਲੀ ਕੰਮ ਕਰ ਰਹੇ ਪੰਜਾਬ ਦੇ ਕੋਵਿਡ ਯੋਧਿਆਂ ਦੀ ਦਿਲੋਂ ਸਰਾਹਨਾ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਖ਼ਿਲਾਫ਼ ਤਿਆਰੀ ਖ਼ਾਤਰ ਸਿਹਤ ਸੁਵਿਧਾਵਾਂ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਪੂਰੀ ਤਰਾਂ ਤਿਆਰ ਹੈ।

ਪੰਜਾਬ ਵਿੱਚ ਕੋਵਿਡ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਕਦਮ ਚੁੱਕਣ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ,‘‘ਦਿੱਲੀ ਸਖ਼ਤ ਲੜਾਈ ਲੜ ਰਹੀ ਹੈ ਅਤੇ ਲੋੜ ਪੈਣ ‘ਤੇ ਅਸੀਂ ਹਰ ਸਹਾਇਤਾ ਲਈ ਹਾਜ਼ਰ ਹਾਂ। ਮੈਂ ਇਹ ਪਹਿਲਾਂ ਕਹਿ ਚੁੱਕਾ ਹਾਂ’’।

ਮੁੱਖ ਮੰਤਰੀ ਨੇ ਸੁਚੇਤ ਕਰਦਿਆਂ ਆਖਿਆ ਇਹ ਕੋਈ ਨਹੀਂ ਜਾਣਦਾ ਕਿ ਪੰਜਾਬ ਵਿੱਚ ਦੂਜੀ ਲਹਿਰ ਕਦੋਂ ਆਵੇਗੀ, ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ) ਅਤੇ ਹੋਰ ਸੂਬਿਆਂ/ਖੇਤਰਾਂ ਦੇ ਤਜਰਬੇ ਦਰਸਾਉਂਦੇ ਹਨ ਕਿ ਇਹ ਸੰਭਾਵਿਤ ਤੌਰ ’ਤੇ ਇਹ ਜ਼ਰੂਰ ਵਾਪਰੇਗਾ। ਉਨ੍ਹਾਂ ਸਿਹਤ ਵਿਭਾਗ ਅਤੇ ਓ.ਟੀ.ਐੱਸ. ਮੁਲਾਜ਼ਮਾਂ ’ਤੇ ਪੂਰਾ ਵਿਸ਼ਵਾਸ ਜਤਾਇਆ ਕਿ ਉਹ ਇਸ ਵੰਗਾਰ ਖ਼ਿਲਾਫ਼ ਮੁੜ ਪੂਰੀ ਇੱਕਜੁੱਟਤਾ ਨਾਲ ਖੜਨਗੇ।

ਸਿਹਤ ਕਾਮਿਆਂ ਅਤੇ ਮੂਹਰਲੀ ਕਤਾਰ ਦੇ ਮੁਲਾਜ਼ਮਾਂ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਖ਼ੁਦ ਕੋਵਿਡ ਨਾਲ ਪ੍ਰਭਾਵਿਤ ਹੋਏ ਅਤੇ ਕੋਵਿਡ ਨੇ ਕਈਆਂ ਦੀਆਂ ਜਾਨਾਂ ਵੀ ਲੈ ਲਈਆਂ, ਦੀ ਹਰ ਸਹਾਇਤਾ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ, ਇਹ ਆਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਲੋਕਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਹਾਂਮਾਰੀ ਖ਼ਿਲਾਫ਼ ਸੂਬਾ ਸਰਕਾਰ ਦਾ ਸਾਥ ਦਿੰਦੇ ਹੋਏ ਸਾਰੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਆਉਂਦੇ ਕੁਝ ਮਹੀਨਿਆਂ ਲਈ, ਜਦੋਂ ਤੱਕ ਕੋਵਿਡ ਦੀ ਦਵਾਈ ਨਹੀਂ ਆ ਜਾਂਦੀ, ‘ਮਾਸਕ ਦੀ ਦਵਾਈ ਹੈ’ ਨੂੰ ਮਿਸ਼ਨ ਫ਼ਤਿਹ ਦੇ ਸੰਕਲਪ ਵਜੋਂ ਐਲਾਨਿਆ।