ਵਿਆਹੀਆਂ ਧੀਆਂ ਨੂੰ ‘ਆਸ਼ੀਰਵਾਦ’ ਦੇਣਾ ਭੁੱਲੀ ਕੈਪਟਨ ਸਰਕਾਰ

ਮਾਨਸਾ, 21 ਅਕਤੂਬਰ 2020: ਮਾਨਸਾ ਜਿਲ੍ਹੇ ’ਚ ਕੈਪਟਨ ਸਰਕਾਰ ਵਿਆਹੀਆਂ ਹੋਈਆਂ ਧੀਆਂ ਨੂੰ ਸ਼ਗਨ ਸਕੀਮ ਤਹਿਤ ਬਣਦੀ ਰਾਸ਼ੀ ਜਾਰੀ ਕਰਨਾ ਭੁੱਲ ਗਈ ਹੈ। ਲੋੜਵੰਦ ਮਾਪੇ ਹੁਣ ਸਰਕਾਰੀ ਪੈਸਿਆਂ ਨੂੰ ਉਡੀਕ ਰਹੇ ਹਨ ਪਰ ਕੋਈ ਉਹਨਾਂ ਨੂੰ ਪੱਲਾ ਨਹੀਂ ਫੜਾ ਰਿਹਾ ਹੈ। ਹਾਲਾਂਕਿ ਵੱਡੇ ਵੱਡੇ ਵਾਅਦਿਆਂ ਦੇ ਨਾਲ ਨਾਲ ਸੱਤਾ ’ਚ ਆਈ ਕਾਂਗਰਸ ਸਰਕਾਰ ਨੇ ਸ਼ਗਨ ਸਕੀਮ ਦਾ ਨਾਂਅ ਬਦਲ ਕੇ ਅਸ਼ੀਰਵਾਦ ਸਕੀਮ ਕਰਕੇ ਗੱਠਜੋੜ ਵੇਲੇ ਦਿੱਤੀ ਜਾਂਦੀ 15 ਹਜਾਰ ਦੀ ਰਾਸ਼ੀ ਨੂੰ 21 ਹਜਾਰ ਤਾਂ ਕਰ ਦਿੱਤਾ ਪਰ ਲੋੜਵੰਦ ਮਾਪਿਆਂ ਤੱਕ ਪੁੱਜਣ ’ਚ ਦੇਰੀ ਕਾਰਨ ਇਹ ਯੋਜਨਾ ਆਪਣਾ ਰੰਗ ਨਹੀਂ ਦਿਖਾ ਸਕੀ ਹੈ। ਵੇਰਵਿਆਂ ਅਨੁਸਾਰ ਇਕੱਲੇ ਮਾਨਸਾ ਜਿਲ੍ਹੇ ਦੀਆਂ ਵਿਆਹੁਤਾ ਲੜਕੀਆਂ ਦਾ ਪੰਜ ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਖਲੋਤਾ ਹੈ।

ਜਾਣਕਾਰੀ ਅਨੁਸਾਰ ਇਸ ਵੇਲੇ ਜ਼ਿਲ੍ਹਾ ਮਾਨਸਾ ’ਚੋਂ 2653 ਅਰਜ਼ੀਆਂ ਬਕਾਇਆ ਪਈਆਂ ਹਨ। ਮਹੱਤਵਪੂਰਨ ਤੱਥ ਹੈ ਕਿ ਕਈ ਮਾਪਿਆਂ ਨੇ ਸਰਕਾਰੀ ਆਸ਼ੀਰਵਾਦ ਦੀ ਝਾਕ ’ਚ ਵਿਆਹ ਵੇਲੇ ਕਰਜਾ ਚੁੱਕ ਲਿਆ ਜਦੋਂਕਿ ਕਈ ਉਧਾਰ ਲੈਕੇ ਵਿਆਹ ਕਰ ਬੈਠੇ ਹਨ। ਹੁਣ ਲੈਣਦਾਰੀਆਂ ਵਾਲੇ ਗੇੜੇ ਮਾਰ ਰਹੇ ਹਨ ਜਿਸ ਕਰਕੇ ਗਰੀਬ ਪ੍ਰੀਵਾਰਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਭਲਾਈ ਅਫਸਰ ਦੇ ਦਫ਼ਤਰ ਦੇ ਤੱਥ ਹਨ ਕਿ ਸਾਲ 2019-20 ’ਚ 2535 ਪਰਿਵਾਰਾਂ ਨੇ ਇਸ ਸਕੀਮ ਤਹਿਤ ਰਾਸ਼ੀ ਹਾਸਿਲ ਕਰਨ ਲਈ ਅਪਲਾਈ ਕੀਤਾ ਸੀ ਜਿਸ ’ਚੋਂ 202 ਅਰਜ਼ੀਆਂ ਰੱਦ ਹੋ ਗਈਆਂ । ਯੋਗ ਪਾਈਆਂ ਗਈਆਂ 2333 ਅਰਜ਼ੀਆਂ ’ਚੋਂ 462 ਦਾ ਤਾਂ ਨਿਪਟਾਰਾ ਕਰ ਦਿੱਤਾ ਗਿਆ ਪਰ 1871 ਬਾਕੀ ਰਹਿ ਗਈਆਂ।

ਇਸੇ ਤਰਾਂ ਹੀ ਸਰਕਾਰ ਨੇ ਸਾਲ 2019-20 ਦੀਆਂ ਅਰਜੀਆਂ ’ਚੋਂ ਅਪ੍ਰੈਲ 2019 ਤੱਕ ਦੀ ਰਾਸ਼ੀ ਜ਼ਾਰੀ ਕਰ ਦਿੱਤੀ ਪਰ 1871 ਲਾਭਪਾਤਰੀਆਂ ਦਾ 3 ਕਰੋੜ, 92 ਲੱਖ, 91 ਹਜ਼ਾਰ ਰੁਪਿਆ ਪੈਂਡਿੰਗ ਪਿਆ ਹੈ। ਇਹਨਾਂ ਤੋਂ ਇਲਾਵਾ ਸਾਲ 2020-21 ’ਚ ਹੁਣ ਤੱਕ ਯੋਗ ਪਾਈਆਂ ਗਈਆਂ 782 ਅਰਜ਼ੀਆਂ ਦੀ ਬਕਾਇਆ ਰਾਸ਼ੀ 1 ਕਰੋੜ, 64 ਲੱਖ, 22 ਹਜ਼ਾਰ ਰੁਪਏ ਬਣਦੀ ਹੈ। ਸਮੁੱਚੇ ਤੌਰ ਤੇ ਸਾਲ 2019-20 ਤੇ ਸਾਲ 2020-21 ਦਾ ਅਸ਼ੀਰਵਾਦ ਸਕੀਮ ਤਹਿਤ ਸਿਰਫ ਮਾਨਸਾ ਜ਼ਿਲੇ ਦਾ ਸਰਕਾਰ ਵੱਲ 5 ਕਰੋੜ, 57 ਲੱਖ, 13 ਹਜ਼ਾਰ ਰੁੁਪਏ ਖਲੋਤੇ ਹਨ। ਹੁਣ ਲਾਭਪਾਤਰੀ ਆਪਣੀਆਂ ਧੀਆਂ ਦੇ ਆਸ਼ੀਰਵਾਦ ਲਈ ਜੁੱਤੀਆਂ ਘਸਾ ਰਹੇ ਹਨ ਪਰ ਸਰਕਾਰੀ ਦਫ਼ਤਰਾਂ ’ਚ ਉਹਨਾਂ ਨੂੰ ਸਿਵਾਏ ਲਾਰੇ ਲੱਪਿਆਂ ਤੋਂ ਕੁੱਝ ਵੀ ਹਾਸਲ ਨਹੀਂ ਹੋ ਰਿਹਾ ਹੈ।

Posted in News